1 Samuel 17

1ਹੁਣ ਫ਼ਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ ਅਤੇ ਸੋਕੋਹ ਅਤੇ ਅਜ਼ੇਕਾਹ ਦੇ ਵਿਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ ।

2ਸ਼ਾਊਲ ਅਤੇ ਇਸਰਾਏਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਏਲਾਹ ਦੀ ਘਾਟੀ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫ਼ਲਿਸਤੀਆਂ ਦੇ ਸਾਹਮਣੇ ਕਤਾਰਾਂ ਬੰਨ੍ਹੀਆਂ । 3ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖੜ੍ਹੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਉਨ੍ਹਾਂ ਦੋਹਾਂ ਦੇ ਵਿਚਕਾਰ ਇੱਕ ਘਾਟੀ ਸੀ ।

4ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲਿਅਥ ਨਾਂ ਦਾ ਇੱਕ ਸੂਰਮਾ ਮਨੁੱਖ ਨਿੱਕਲਿਆ । ਉਹ ਦਾ ਕੱਦ ਛੇ ਹੱਥ ਅਤੇ ਇੱਕ ਗਿੱਠ ਉੱਚਾ ਸੀ । 5ਅਤੇ ਉਹ ਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹ ਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ ਡੇਢ ਮਣ ਪਿੱਤਲ ਦੀ ਸੀ ।

6ਅਤੇ ਉਹ ਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹ ਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ । 7ਅਤੇ ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਹ ਦੇ ਬਰਛੇ ਦਾ ਫਲ ਸਾਢੇ ਸੱਤ ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹ ਦੇ ਅੱਗੇ ਤੁਰਦਾ ਸੀ ।

8ਸੋ ਉਹ ਨਿੱਕਲ ਕੇ ਖੜ੍ਹਾ ਹੋਇਆ ਅਤੇ ਇਸਰਾਏਲ ਦੇ ਦਲਾਂ ਵੱਲ ਉਹ ਨੇ ਪੁਕਾਰ ਕੇ ਆਖਿਆ, ਤੁਸੀਂ ਲੜਾਈ ਦੇ ਲਈ ਕਿਉਂ ਕਤਾਰ ਬੰਨ੍ਹੀ ਹੈ ? ਕੀ, ਮੈਂ ਫ਼ਲਿਸਤੀ ਨਹੀਂ ਅਤੇ ਤੁਸੀਂ ਸ਼ਾਊਲ ਦੇ ਦਾਸ ਨਹੀਂ ? ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਆਵੇ । 9ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗ਼ੁਲਾਮ ਬਣਾਂਗੇ ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹ ਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗ਼ੁਲਾਮ ਹੋਵੋਗੇ ਅਤੇ ਸਾਡੀ ਗ਼ੁਲਾਮੀ ਕਰੋਗੇ ।

10ਫੇਰ ਉਹ ਫ਼ਲਿਸਤੀ ਬੋਲਿਆ,ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਲਲਕਾਰਦਾ ਹਾਂ । ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪਸ ਵਿੱਚ ਯੁੱਧ ਕਰੀਏ । 11ਜਿਸ ਵੇਲੇ ਸ਼ਾਊਲ ਅਤੇ ਸਾਰੇ ਇਸਰਾਏਲ ਨੇ ਉਸ ਫ਼ਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਬਰਾ ਗਏ ਅਤੇ ਡਰ ਗਏ ।

12ਦਾਊਦ ਬੈਤਲਹਮ ਯਹੂਦਾਹ ਦੇ ਅਫਰਾਥੀ ਯੱਸੀ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ ਅਤੇ ਉਹ ਆਪ ਸ਼ਾਊਲ ਦੇ ਦਿਨਾਂ ਵਿੱਚ ਉਹ ਬਜ਼ੁਰਗ ਅਤੇ ਕਮਜ਼ੋਰ ਹੋ ਗਿਆ ਸੀ । 13ਯੱਸੀ ਦੇ ਤਿੰਨ ਵੱਡੇ ਪੁੱਤਰ ਲੜਾਈ ਦੇ ਵਿੱਚ ਸ਼ਾਊਲ ਦੇ ਮਗਰ ਜਾ ਲੱਗੇ ਅਤੇ ਉਨ੍ਹਾਂ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ ਉਹਨਾਂ ਵਿੱਚੋ ਜੇਠੇ ਦਾ ਨਾਮ ਅਲੀਆਬ ਸੀ ਅਤੇ ਦੂਜੇ ਦਾ ਨਾਮ ਅਬੀਨਾਦਾਬ ਅਤੇ ਤੀਜੇ ਦਾ ਨਾਮ ਸ਼ੰਮਾਹ ਸੀ ।

14ਦਾਊਦ ਸਭ ਤੋਂ ਛੋਟਾ ਸੀ ਅਤੇ ਤਿੰਨ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ 15ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਗਿਆ ਸੀ ।

16ਸੋ ਉਹ ਫ਼ਲਿਸਤੀ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਨੇੜੇ ਆਉਂਦਾ ਸੀ । ਚਾਲੀਆਂ ਦਿਨਾਂ ਤੱਕ ਉਹ ਆਪਣੇ ਆਪ ਨੂੰ, ਅੱਗੇ ਕਰਦਾ ਰਿਹਾ ।

17ਫੇਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਆਖਿਆ,ਇਹ ਪੰਜ ਸੇਰ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਣੀ ਵੱਲ ਜਾ । 18ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਨ੍ਹਾਂ ਦੇ ਸੂਬੇਦਾਰ ਦੇ ਲਈ ਲੈ ਜਾ ਅਤੇ ਆਪਣੇ ਭਰਾਵਾਂ ਦਾ ਹਾਲ-ਚਾਲ ਵੇਖ ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ ।

19ਉਸ ਵੇਲੇ ਸ਼ਾਊਲ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਘਾਟੀ ਚ ਫ਼ਲਿਸਤੀਆਂ ਦੇ ਨਾਲ ਲੜਦੇ ਪਏ ਸਨ ।

20ਦਾਊਦ ਨੇ ਸਵੇਰ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਹ ਨੂੰ ਆਖਿਆ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਦਲ ਲੜਨ ਲਈ ਨਿੱਕਲਦਾ ਅਤੇ ਲੜਾਈ ਦੇ ਲਈ ਲਲਕਾਰਦਾ ਸੀ ਉਸ ਸਮੇਂ ਉਹ ਮੋਰਚੇ ਵਿੱਚ ਪਹੁੰਚ ਗਿਆ । 21ਅਤੇ ਇਸਰਾਏਲ ਅਤੇ ਫ਼ਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਹਮੋ ਸਾਹਮਣੇ ਕਤਾਰਾਂ ਬੰਨ੍ਹੀਆਂ ਸਨ ।

22ਸੋ ਦਾਊਦ ਨੇ ਆਪਣੀਆਂ ਵਸਤਾਂ ਉਹ ਦੇ ਕੋਲ ਰੱਖੀਆਂ ਜੋ ਸਮਾਨ ਦੀ ਰਾਖੀ ਕਰਦਾ ਸੀ, ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖ਼ਬਰ ਪੁੱਛੀ । 23ਉਹ ਉਨ੍ਹਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਮ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ ।

24ਇਸਰਾਏਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ

25ਤਦ ਇਸਰਾਏਲ ਦੇ ਲੋਕਾਂ ਨੇ ਆਖਿਆ, ਤੁਸੀਂ ਇਸ ਮਨੁੱਖ ਨੂੰ ਵੇਖਿਆ ਜੋ ਨਿੱਕਲਿਆ ਹੈ । ਸੱਚ-ਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਲਈ ਆਇਆ ਹੈ ਅਤੇ ਅਜਿਹਾ ਹੋਵੇਗਾ ਭਈ ਜਿਹੜਾ ਉਸ ਨੂੰ ਮਾਰੇਗਾ ਤਾਂ ਰਾਜਾ ਉਹ ਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਸ ਦੇ ਨਾਲ ਵਿਆਹ ਦੇਵੇਗਾ ਅਤੇ ਉਹ ਦੇ ਪਿਤਾ ਦੇ ਟੱਬਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ ।

26ਤਦ ਦਾਊਦ ਨੇ ਆਪਣੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਹ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰੇ ? 27ਲੋਕਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ ਕਿ ਜਿਹੜਾ ਉਸ ਨੂੰ ਮਾਰੇ ਉਸ ਮਨੁੱਖ ਨੂੰ ਇਹ ਇਹ ਮਿਲੇਗਾ ।

28ਉਸੇ ਵੇਲੇ ਉਹ ਦੇ ਵੱਡੇ ਭਰਾ ਅਲੀਆਬ ਨੇ ਉਹ ਦੀਆਂ ਗੱਲਾਂ ਸੁਣੀਆਂ ਜੋ ਉਹ ਲੋਕਾਂ ਨਾਲ ਕਰ ਰਿਹਾ ਸੀ ਅਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਭੜਕਿਆ ਅਤੇ ਉਹ ਬੋਲਿਆ, ਤੂੰ ਕਿਉਂ ਇੱਥੇ ਆਇਆ ਹੈਂ ਅਤੇ ਉੱਥੇ ਉਜਾੜ ਵਿੱਚ ਉਨ੍ਹਾਂ ਥੋੜੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਦੇ ਭਰੋਸੇ ਛੱਡ ਆਇਆ ਹੈਂ ? ਮੈਂ ਤੇਰਾ ਘਮੰਡ ਅਤੇ ਤੇਰੇ ਮਨ ਦੀ ਬੁਰਿਆਈ ਨੂੰ ਜਾਣਦਾ ਹਾਂ । ਤੂੰ ਲੜਾਈ ਵੇਖਣ ਨੂੰ ਹੀ ਆਇਆ ਹੈਂ 29ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ ? ਕੀ, ਮੈਂ ਗੱਲ ਵੀ ਨਹੀ ਕਰ ਸੱਕਦਾ ? । 30ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹੋ ਗੱਲਾਂ ਫੇਰ ਕੀਤੀਆਂ । ਸੋ ਲੋਕਾਂ ਨੇ ਉਹ ਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ ।

31ਅਤੇ ਜਦ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਨ੍ਹਾਂ ਦੀ ਖ਼ਬਰ ਦਿੱਤੀ ਅਤੇ ਉਸ ਨੇ ਉਹ ਨੂੰ ਆਪਣੇ ਕੋਲ ਬੁਲਾਇਆ । 32ਤਦ ਦਾਊਦ ਨੇ ਸ਼ਾਊਲ ਨੂੰ ਆਖਿਆ,ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰਾਵੇ । ਤੁਹਾਡਾ ਦਾਸ ਜਾਵੇਗਾ ਅਤੇ ਉਸ ਫ਼ਲਿਸਤੀ ਨਾਲ ਲੜੇਗਾ । 33ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫ਼ਲਿਸਤੀ ਦਾ ਸਾਹਮਣਾ ਕਰਨ ਅਤੇ ਉਸ ਦੇ ਨਾਲ ਲੜਨ ਯੋਗ ਨਹੀਂ ਹੈਂ ਕਿਉਂ ਜੋ ਤੂੰ ਮੁੰਡਾ ਹੀ ਹੈਂ ਅਤੇ ਉਹ ਬਚਪਨ ਤੋਂ ਹੀ ਯੋਧਾ ਹੈ ।

34ਤਦ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਦ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ । 35ਤਦ ਮੈਂ ਉਹ ਦੇ ਮਗਰ ਨਿੱਕਲਿਆ ਅਤੇ ਉਸ ਨੂੰ ਮਾਰਿਆ ਅਤੇ ਉਸ ਦੇ ਮੂੰਹ ਵਿੱਚੋਂ ਉਹ ਨੂੰ ਛੁਡਾਇਆ ਅਤੇ ਜਦ ਉਸ ਨੇ ਮੇਰੇ ਉੱਤੇ ਹਮਲਾ ਕੀਤਾ ਤਾਂ ਮੈਂ ਉਸ ਨੂੰ ਵਾਲਾਂ ਤੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ ।

36ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰਿਆ ਹੈ ਸੋ ਇਹ ਅਸੁੰਨਤੀ ਫ਼ਲਿਸਤੀ ਉਨ੍ਹਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰ ਰਿਹਾ ਹੈ !

37ਫੇਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ । ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਜਾ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ । 38ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹ ਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹ ਨੂੰ ਪਹਿਨਾਈ

39ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਹ ਨੇ ਇਨਾਂ ਨੂੰ ਕਦੇ ਪਹਿਨਿਆ ਨਹੀਂ ਸੀ । ਤਦ ਦਾਊਦ ਨੇ ਸ਼ਾਊਲ ਨੂੰ ਆਖਿਆ, ਇਨ੍ਹਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਉਨ੍ਹਾਂ ਨੂੰ ਪਰਖਿਆ ਨਹੀਂ ਹੈ । ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਉਤਾਰ ਦਿੱਤੇ । 40ਅਤੇ ਉਹ ਨੇ ਆਪਣੀ ਸੋਟੀ ਹੱਥ ਵਿੱਚ ਫੜ ਲਈ ਅਤੇ ਉਹ ਨੇ ਉਸ ਸੋਤੇ ਵਿੱਚੋਂ ਪੰਜ ਚੀਕਣੇ ਪੱਥਰ ਚੁਣ ਲਏ ਅਤੇ ਉਨ੍ਹਾਂ ਨੂੰ ਆਜੜੀ ਦੇ ਝੋਲੇ ਵਿੱਚ ਜੋ ਉਹ ਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਰੱਖ ਲਿਆ ਅਤੇ ਉਹ ਦਾ ਗੁਲੇਲ ਉਹ ਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਨੇੜੇ ਜਾਣ ਲੱਗਾ ।

41ਤਦ ਫ਼ਲਿਸਤੀ ਤੁਰਿਆ ਅਤੇ ਦਾਊਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ । 42ਜਦ ਫ਼ਲਿਸਤੀ ਨੇ ਆਲੇ ਦੁਆਲੇ ਵੇਖ ਕੇ ਦਾਊਦ ਨੂੰ ਵੇਖਿਆ ਤਾਂ ਉਹ ਨੂੰ ਤੁੱਛ ਜਾਣਿਆ ਕਿਉਂ ਜੋ ਉਹ ਮੁੰਡਾ ਹੀ ਸੀ । ਉਹ ਦਾ ਰੰਗ ਲਾਲ ਅਤੇ ਉਹ ਸੋਹਣੇ ਰੂਪ ਦਾ ਸੀ । 43ਸੋ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਕੀ, ਮੈਂ ਕੋਈ ਕੁੱਤਾ ਹਾਂ ਜੋ ਤੂੰ ਸੋਟੀ ਲੈ ਕੇ ਮੇਰੇ ਕੋਲ ਆਇਆ ਹੈਂ ? ਅਤੇ ਫ਼ਲਿਸਤੀ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਦਾਊਦ ਨੂੰ ਬੁਰਾ ਬੋਲਣ ਲੱਗਾ ।

44ਤਦ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ ! 45ਪਰ ਦਾਊਦ ਨੇ ਫ਼ਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ ਪਰ ਮੈਂ ਸੈਨਾਵਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ !

46ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲਾਸ਼ਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜਾਨਵਰਾਂ ਨੂੰ ਦੇਵਾਂਗਾ ਜੋ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ । 47ਅਤੇ ਇਸ ਸਾਰੇ ਦਲ ਨੂੰ ਵੀ ਖ਼ਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁਧ ਯਹੋਵਾਹ ਦਾ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ !

48ਅਤੇ ਅਜਿਹਾ ਹੋਇਆ ਜਦ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਆਇਆ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫ਼ਲਿਸਤੀ ਨਾਲ ਲੜਨ ਨੂੰ ਭੱਜਿਆ । 49ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਫਿਲਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਿਆ !

50ਸੋ ਦਾਊਦ ਨੇ ਇੱਕ ਗੁਲੇਲ ਅਤੇ ਇੱਕ ਪੱਥਰ ਨਾਲ ਫ਼ਲਿਸਤੀ ਨੂੰ ਜਿੱਤ ਲਿਆ ਅਤੇ ਉਸ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ । 51ਇਸ ਕਰਕੇ ਦਾਊਦ ਭੱਜ ਕੇ ਫ਼ਲਿਸਤੀ ਦੇ ਉੱਤੇ ਚੜ੍ਹ ਖੜ੍ਹਾ ਹੋਇਆ ਅਤੇ ਉਸ ਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਮਾਰ ਕੇ ਉਸ ਦਾ ਸਿਰ ਉਸੇ ਤਲਵਾਰ ਨਾਲ ਵੱਢ ਸੁੱਟਿਆ ਅਤੇ ਜਦ ਫ਼ਲਿਸਤੀਆਂ ਨੇ ਆਪਣਾ ਸੂਰਮਾ ਮਰਿਆ ਹੋਇਆ ਵੇਖਿਆ ਤਾਂ ਉਹ ਭੱਜ ਗਏ ।

52ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉੱਠੇ ਅਤੇ ਘਾਟੀ ਤੱਕ ਅਤੇ ਅਕਰੋਨ ਦੇ ਫਾਟਕਾਂ ਤੱਕ ਲਲਕਾਰਦੇ ਹੋਏ ਫ਼ਲਿਸਤੀਆਂ ਦੇ ਮਗਰ ਪਏ ਅਤੇ ਜਿਹੜੇ ਫ਼ਲਿਸਤੀਆਂ ਵਿੱਚੋਂ ਜਖ਼ਮੀ ਹੋ ਗਏ ਸੋ ਸਆਰੈਮ ਦੇ ਰਾਹ ਵਿੱਚ ਗਥ ਅਤੇ ਅਕਰੋਨ ਤੱਕ ਡਿੱਗਦੇ ਗਏ । 53ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ । 54ਅਤੇ ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ ਪਰ ਉਸ ਦੇ ਸ਼ਸਤਰਾਂ ਨੂੰ ਉਹ ਨੇ ਆਪਣੇ ਡੇਰੇ ਵਿੱਚ ਰੱਖਿਆ ।

55ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਫ਼ਲਿਸਤੀ ਨਾਲ ਲੜਨ ਲਈ ਜਾਂਦਿਆਂ ਵੇਖਿਆ ਤਾਂ ਉਸ ਨੇ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, ਅਬਨੇਰ ਇਹ ਮੁੰਡਾ ਕਿਸ ਦਾ ਪੁੱਤਰ ਹੈ ? ਅਬਨੇਰ ਬੋਲਿਆ, ਹੇ ਮਹਾਰਾਜ, ਤੇਰੇ ਜੀਵਨ ਦੀ ਸਹੁੰ ਮੈਂ ਨਹੀ ਜਾਣਦਾ । 56ਤਦ ਰਾਜੇ ਨੇ ਆਖਿਆ, ਤੂੰ ਪਤਾ ਕਰ ਜੋ ਮੁੰਡਾ ਕਿਸ ਦਾ ਪੁੱਤਰ ਹੈ ।

57ਸੋ ਜਦ ਦਾਊਦ ਉਸ ਫ਼ਲਿਸਤੀ ਨੂੰ ਵੱਢ ਕੇ ਮੁੜਿਆ ਤਾਂ ਅਬਨੇਰ ਨੇ ਉਹ ਨੂੰ ਫੜ੍ਹ ਲਿਆ ਅਤੇ ਸ਼ਾਊਲ ਕੋਲ ਲੈ ਗਿਆ ਅਤੇ ਫ਼ਲਿਸਤੀ ਦਾ ਸਿਰ ਉਹ ਦੇ ਹੱਥ ਵਿੱਚ ਸੀ । ਤਦ ਸ਼ਾਊਲ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਪੁੱਤਰ ਹੈਂ ? ਤਦ ਦਾਊਦ ਨੇ ਉੱਤਰ ਦਿੱਤਾ, ਮੈਂ ਤੁਹਾਡੇ ਦਾਸ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ ।

58

Copyright information for PanULB